Wednesday, August 15, 2012



ਸੰਗਤਾਂ ਵਲੋਂ ਮਿਲੇ ਅਥਾਹ ਪਿਆਰ ਕਰਕੇ ਹੀ ਗੁਰੂ ਘਰ ਦੀ ਸੇਵਾ ਕਰ ਰਿਹਾ ਹਾਂ – ਗੁਰਬਖਸ਼ ਸਿੰਘ ਕਾਲਾ ਅਫਗਾਨਾ


ਕੈਨੇਡਾ ਦੀ ਧਰਤੀ ਤੋਂ ਸਿੱਖੀ ਸਿਧਾਂਤਾਂ ਦੀ ਖੋਜ਼ ਭਰਪੂਰ ਵਿਆਖਿਆ ਕਰਕੇ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨੂੰ ਸਹੀ ਅਰਥਾਂ ਵਿੱਚ ਪ੍ਰਚਾਰਨ ਲੱਗੇ ਹੋਏ ਪ੍ਰਸਿੱਧ ਗੁਰਸਿੱਖ ਵਿਦਵਾਨ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਕਿਸੇ ਜਾਣਕਾਰੀ ਦੇ ਮੁਥਾਜ ਨਹੀਂ। ਉਹਨਾਂ ਨੇ ਸਿੱਖੀ ਮਰਯਾਦਾ ਵਿੱਚ ਅਛੋਪਲੇ ਜਿਹੇ ਘੁਸਪੈਠ ਕਰ ਚੁੱਕੀਆਂ ਕੁੱਟਲ ਬਿਪਰਵਾਦੀ ਰੀਤਾਂ ਤੋਂ ਪਰਦਾ ਚੁੱਕਦਿਆਂ ਹੋਇਆਂ ਆਪਣਾ ਪੰਥਕ ਫਰਜ਼ ਨਿਭਾ ਕੇ ਖਾਲਸਾ ਪੰਥ ਨੂੰ ਅਨਮੋਲ ਦੇਣ ਦਿੱਤੀ ਹੈ।
“ਜਬ ਲਗ ਖਾਲਸਾ ਰਹੇ ਨਿਆਰਾ॥ ਤਬ ਲਗ ਤੇਜ ਦੀਓ ਮੈ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ॥ ਮੈ ਨਾ ਕਰੋਂ ਇਨ ਕੀ ਪ੍ਰਤੀਤ॥”
ਨੂੰ ਆਧਾਰ ਬਣਾ ਕੇ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਉਹਨਾਂ ਬਿਪਰਵਾਦੀ ਰੀਤਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਨਾਂ ਵਿੱਚ ਗਰਕ ਹੋ ਕੇ ਨਿਆਰਾ ਖਾਲਸਾ ਅੱਜ ਆਪਣੀ ਹੋਂਦ ਨੂੰ ਹੀ ਗੰਵਾ ਰਿਹਾ ਹੈ। ਉਹਨਾਂ ਦੇ ਆਪਣੇ ਲਫਜਾਂ ਅਨੁਸਾਰ ਪਿਛਲੇ ਕੁਝ ਦਹਾਕਿਆਂ ਵਿੱਚ ਵਾਪਰੇ ਭਿਆਨਕ ਘੱਲੂਘਾਰਿਆਂ ਅਤੇ ਦੁਖਦਾਈ ਹਾਲਾਤਾਂ ਨੇ ਉਹਨਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਕਿ ਗੁਰੂ ਪਾਤਸ਼ਾਹ ਨੇ ਤਾਂ ਆਪਣੇ ਸਾਜੇ ਹੋਏ ਖਾਲਸੇ ਉਪਰ ਆਪਣੀਆਂ ਸਾਰੀਆਂ ਬਖਸ਼ਿਸ਼ਾਂ ਦੇ ਖਜਾਨੇ ਖੋਲ੍ਹ ਰੱਖੇ ਹਨ, ਫਿਰ ਉਹ ਕਿਹੜੇ ਕਾਰਣ ਸਨ, ਜਿਸ ਕਰਕੇ ਸਿੱਖ ਕੌਮ ਨੂੰ ਪਿਛਲੇ ਕੁਝ ਦਹਾਕਿਆਂ ਵਿੱਚ ਇੰਨੇ ਬੁਰੇ ਦਿਨ ਦੇਖਣੇ ਪਏ। ਹਜਾਰਾਂ ਨੌਜਵਾਨਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਸਿੱਖ ਜਗਤ ਧਾਰਮਿਕ, ਸਮਾਜਕ ਅਤੇ ਆਰਥਿਕ ਪੱਖੋਂ ਕੁੱਟਿਆ ਹੋਇਆ ਮਹਿਸੂਸ ਕਰਨ ਲੱਗਾ। ਉਸ ਕਾਲਚੱਕਰ ਵਿਚੋਂ ਨਿਕਲੇ ਤਾਂ ਸਾਡੀ ਕੌਮ ਨੂੰ ਪਤਿਤਪੁਣੇ ਦੇ ਭਿਆਨਕ ਦੈਂਤ ਨੇ ਨਿਗਲਣਾ ਸ਼ੁਰੂ ਕਰ ਦਿੱਤਾ। ਜਦੋਂ ਉਪਰੋਕਤ ਗੁਰ ਫੁਰਮਾਣ ਦੀ ਡੂੰਘਾਈ ਨਾਲ ਵਿਚਾਰ ਕੀਤੀ ਗਈ ਤਾਂ ਪਾਤਸ਼ਾਹ ਵਲੋਂ ਜਵਾਬ ਵੀ ਉਪਰੋਕਤ ਫੁਰਮਾਣ ਵਿੱਚ ਹਾਜਰ ਸੀ ਕਿ ਜਦ ਤੱਕ ਕੌਮ ਆਪਣੇ ਨਿਆਰੇਪਨ ਅਤੇ ਨਿਵੇਕਲੇ ਸਰੂਪ ਉਪਰ ਦ੍ਰਿੜਤਾ ਨਾਲ ਪਹਿਰਾ ਦਿੰਦੀ ਰਹੇਗੀ, ਮੇਰਾ (ਪਾਤਸ਼ਾਹ) ਇਸ ਉਪਰ ਪੂਰਾ ਪ੍ਰਤਾਪ ਹੋਵੇਗਾ। ਇਹੋ ਜਿਹਾ ਖਾਲਸਾ ਮੇਰੀਆਂ ਬਖਸ਼ਿਸ਼ਾਂ ਦਾ ਹਮੇਸ਼ਾਂ ਪਾਤਰ ਬਣਿਆ ਰਹੇਗਾ। ਪਰ ਜਦੋਂ ਵੀ ਇਹ ਆਪਣੇ ਨਿਆਰੇਪਨ ਨੂੰ ਭੁੱਲ ਕੇ ਅਨਮੱਤੀਆਂ ਦੀਆਂ ਬਿਪਰਵਾਦੀ ਰੀਤਾਂ ਰਸਮਾਂ ਰਿਵਾਜਾਂ ਨੂੰ ਆਪਣਾ ਆਧਾਰ ਮੰਨਣ
ਲੱਗ ਪਵੇਗਾ, ਫਿਰ ਮੇਰਾ ਇਸ ਨਾਲ ਕੋਈ ਸਬੰਧ ਨਹੀਂ ਰਹੇਗਾ। ਇਹ ਮੇਰੀਆਂ ਖੁਸ਼ੀਆਂ ਹਾਸਲ ਨਹੀਂ ਕਰ ਸਕੇਗਾ। ਬੱਸ ਇਹੀ ਆਧਾਰ ਬਣਿਆ, ਜਿਸਨੇ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੂੰ ਪ੍ਰੇਰਿਤ ਕੀਤਾ ਕਿ ਇਹੋ ਜਿਹੀਆਂ ਬਿਪਰਵਾਦੀ ਰੀਤਾਂ ਦੀ ਪਛਾਣ ਕੀਤੀ ਜਾਵੇ, ਜਿਹਨਾਂ ਰੀਤਾਂ ਮਰਯਾਦਾਵਾਂ ਨੂੰ ਕੌਮ ਅਣਜਾਣੇ ਵਿੱਚ ਹੀ ਆਪਣੇ ਧਰਮ ਦਾ ਹਿੱਸਾ ਮੰਨ ਕੇ ਲੀਹੋਂ ਲੱਥੀ ਪਈ ਹੈ।
ਆਪਣੀ ਇਸ ਅਣਥੱਕ ਖੋਜ ਨੂੰ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ‘ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ’ ਸੀਰੀਜ ਵਿੱਚ ਕਈ ਪੁਸਤਕਾਂ ਕੌਮ ਦੀ ਝੋਲੀ ਵਿੱਚ ਪਾ ਕੇ ਇੱਕ ਇਨਕਲਾਬ ਖੜਾ ਕਰ ਦਿੱਤਾ ਹੈ। ਸੱਚ ਹਮੇਸ਼ਾ ਕੌੜਾ ਹੁੰਦਾ ਹੈ ਅਤੇ ਇਸਨੂੰ ਹਜ਼ਮ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।
ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਅਕਾਦਮਿਕ ਪੱਧਰ ਦਾ ਲੇਖਕ ਨਹੀਂ, ਅਤੇ ਉਹਨਾਂ ਦੀ ਸਾਰੀ ਉਮਰ ਵੀ ਪੰਜਾਬ ਪੁਲਿਸ ਦੀ ਨੌਕਰੀ ਕਰਦਿਆਂ ਹੀ ਲੰਘੀ ਹੈ। ਜਿਸ ਕਰਕੇ ਆਮ ਪਾਠਕ ਇਹਨਾਂ ਪੁਸਤਕਾਂ ਵਿੱਚ ਕਿਤੇ ਕਿਤੇ ਸਖਤ ਭਾਸ਼ਾ ਦੀ ਵਰਤੋਂ ਮਹਿਸੂਸ ਕਰਦਾ ਹੈ। ਪਰ ਜੋ ਸੰਦੇਸ਼ ਸ.ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਆਪਣੀ ਵੱਡ-ਉਮਰ ਅਤੇ ਢਿੱਲੀ ਸਿਹਤ ਦੇ ਬਾਵਜੂਦ ਸਿੱਖ
ਕੌਮ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ, ਉਸਦੀ ਪ੍ਰਸ਼ੰਸਾ ਕੀਤੇ ਬਗੈਰ ਨਹੀਂ ਰਿਹਾ ਜਾ ਸਕਦਾ। ਉੱਘੇ ਸਿੱਖ ਲੇਖਕ ਡਾਕਟਰ ਗੁਰਸ਼ਰਣਜੀਤ ਸਿੰਘ ਦੇ ਕਥਨ ਅਨੁਸਾਰ ਸ. ਕਾਲਾ ਅਫਗਾਨਾ ਦੀਆਂ ਇਹਨਾਂ ਖੋਜ਼ ਭਰਪੂਰ ਪੁਸਤਕਾਂ ਨਾਲ ਸਿੱਖ ਸਮਾਜ ਵਿੱਚ ਚੇਤਨਾ ਦਾ ਪ੍ਰਕਾਸ਼ ਹੋਇਆ ਹੈ। ਮਾਸਕ ਪੱਤਰ ‘ਸੰਤ ਸਿਪਾਹੀ’ ਦੇ ਗੁਰਪੁਰਵਾਸੀ ਸੰਪਾਦਕ ਗਿਆਨੀ ਭਗਤ ਸਿੰਘ ਅਤੇ ਹੋਰਾਂ ਨੇ ਇਹਨਾਂ ਪੁਸਤਕਾਂ ਨੂੰ ਕਥਾਵਾਚਕਾਂ ਅਤੇ ਸਿੱਖ ਪ੍ਰਚਾਰਕਾਂ ਲਈ ਵਧੀਆ ਹਵਾਲਾ ਪੁਸਤਕਾਂ ਗਰਦਾਨਿਆ ਹੈ।
ਸ. ਕਾਲਾ ਅਫਗਾਨਾ ਦੇ ਇਸ ਖੋਜ਼ ਕਾਰਜ ਦੀ ਇਹ ਵਿਸ਼ੇਸ਼ਤਾ ਹੈ ਕਿ ਉਹਨਾਂ ਨੇ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਕਰਨ ਵੇਲੇ ਮਨਮੱਤੀ ਅਰਥ ਕਰਨ ਦੀ ਬਜਾਏ, ਹਰ ਜਗ੍ਹਾ ਘੱਟ ਤੋਂ ਘੱਟ ਪੰਜ ਗੁਰਬਾਣੀ ਪ੍ਰਮਾਣ ਦੇ ਕੇ ਹੀ ਵਿਆਖਿਆ ਕੀਤੀ ਹੈ। ਇਸ ਕਾਰਜ ਲਈ ਉਹਨਾਂ ਨੇ ਪ੍ਰੋ. ਸਾਹਿਬ ਸਿੰਘ ਜੀ ਦੇ ਪ੍ਰਮਾਣਤ ਅਤੇ ਸਤਿਕਾਰੇ ਜਾਂਦੇ ਗੁਰਬਾਣੀ ਟੀਕੇ ‘ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਹੀ ਅਧਾਰ ਬਣਾਇਆ ਹੈ। ਸੱਭ ਤੋਂ ਵੱਡੀ ਗੱਲ ਕਿ ਉਹਨਾਂ ਨੇ ਆਪਣੀ ਹਰ ਪੁਸਤਕ ਦੀ ਪ੍ਰਕਾਸ਼ਨਾ ਕਰਨ ਤੋਂ ਪਹਿਲਾਂ, ਇਹਨਾਂ ਦੇ ਖਰੜੇ ਵੱਖ ਵੱਖ ਪੰਥਕ ਵਿਦਵਾਨਾਂ, ਅਕਾਲੀ ਨੇਤਾਵਾਂ ਅਤੇ ਤਖਤਾਂ ਦੇ ਸੇਵਾਦਾਰਾਂ ਨੂੰ ਇਸ ਬੇਨਤੀ ਨਾਲ ਭੇਜੇ ਕਿ ਜੇਕਰ ਕੁਝ ਵੀ ਇਤਰਾਜਯੋਗ ਹੋਵੇ ਤਾਂ ਪੰਥ ਦੇ ਨਾਮਵਰ ਗੁਰਸਿੱਖਾਂ ਦੀ ਇੱਕ ਘੋਖ ਕਮੇਟੀ ਗਠਿਤ ਕਰਕੇ ਦਾਸ ਨੂੰ ਤੁਰੰਤ ਸੂਚਤ ਕੀਤਾ ਜਾਵੇ ਤਾਂ ਕਿ ਲੋੜੀਂਦੀ ਸੁਧਾਈ ਕਰਕੇ ਹੀ ਇਹਨਾਂ ਪੁਸਤਕਾਂ ਦੀ ਪ੍ਰਕਾਸ਼ਨਾ ਕੀਤੀ ਜਾ ਸਕੇ।
ਕੁਰਸੀਆਂ ਖਾਤਰ ਲਾਰਾਂ ਲਪਟਾਉਂਦੇ ਅਕਾਲੀ ਨੇਤਾਵਾਂ ਨੂੰ ਤਾਂ ਇਹੋ ਜਿਹੇ ਮਸਲੇ ਉਪਰ ਤਾਂ ਵਿਹਲ ਹੀ ਨਹੀਂ। ਉਸ ਵੇਲੇ ਤਾਂ ਕੁਝ ਕੁ ਨੂੰ ਛੱਡ ਕੇ ਬਾਕੀਆਂ ਨੇ ਜਵਾਬ ਵੀ ਦੇਣਾ ਉੱਚਤ ਨਾ ਸਮਝਿਆ। ਪਰ ਪੁਸਤਕਾਂ ਦੀ ਪ੍ਰਕਾਸ਼ਨਾ ਤੋਂ ਕਈ ਵਰਿਆਂ ਬਾਅਦ ਹਾਲ ਦੁਹਾਈ ਪਾ ਕੇ ਆਖਰ ਸਿੱਖ ਪੰਥ ਦੇ ਇਸ ਅਨਮੋਲ ਗੁਰਸਿੱਖ ਵਿਦਵਾਨ ਨੂੰ ਆਪਣੇ ਵਿਵਾਦਗ੍ਰਸਤ ਆਦੇਸ਼ ਰਾਹੀਂ ਖਾਰਜ ਕਰਨ ਦਾ ਹੁਕਮ ਸੁਣਾ ਦਿੱਤਾ।
ਜਿਸ ਕੰਮ ਨੂੰ ਨੇਪਰੇ ਚਾੜਣ ਦਾ ਬੀੜਾ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਚੁੱਕਿਆ ਸੀ, ਉਸਨੂੰ ਕਰਨਾ ਤਾਂ ਧਰਮ ਪ੍ਰਚਾਰ ਕਮੇਟੀ ਦਾ ਫਰਜ਼ ਬਣਦਾ ਸੀ। ਪਰ ਇਸ ਵਿਦਵਾਨ ਦੀਆਂ ਲਿਖਤਾਂ ਨੂੰ ਸਹੀ ਭਾਵਨਾ ਨਾਲ ਸਮਝ ਕੇ ਪੰਥਕ ਸਨਮਾਨ ਦੇਣ ਦੀ ਬਜਾਏ ਕੌਮ ਦੇ ਠੇਕੇਦਾਰਾਂ ਨੇ ਸਗੋਂ ਅਪਮਾਨਿਤ ਹੀ ਕੀਤਾ ਹੈ। ਆਪਣੇ ਜੀਵਨ ਦੇ ਆਖਰੀ ਦੌਰ ਵਿੱਚ ਪਹੁੰਚ ਚੁੱਕੇ ਇਸ ਵਿਦਵਾਨ ਨੇ ਫਿਰ ਵੀ ਹੌਂਸਲਾ ਨਾ ਹਾਰਦਿਆਂ ਕੈਨੇਡਾ ਦੀ ਧਰਤੀ ਤੋਂ ਆਪਣੀ ਕਲਮ ਨੂੰ ਨਿਰੰਤਰ ਜਾਰੀ ਰੱਖਿਆ ਹੈ। ਉਹ ਲਗਾਤਾਰ ਕੌਮ ਦੇ ਭਵਿੱਖ ਨੂੰ ਸੰਵਾਰਣ ਪ੍ਰਤੀ ਚਿੰਤਤ ਹੋ ਕੇ ਬਿਰਧ ਅਵਸਥਾ ਵਿੱਚ ਵੀ ‘ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ’ ਪੁਸਤਕਾਂ ਦੇ ਨਵੇਂ ਅੰਕਾਂ ਨੂੰ ਸੰਵਾਰਣ ਲੱਗੇ ਹੋਏ ਹਨ। ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਨੇ ਸਪੋਕਸਮੈਨ ਦੇ ਇਸ ਪੱਤਰਕਾਰ ਨੂੰ ਆਪਣੇ ਹੁਣ ਤੱਕ ਦੇ ਤਜਰਬੇ ਬਾਰੇ ਕੁਝ ਸਵਾਲਾਂ ਦੇ ਜਵਾਬ ਈਮੇਲ ਦੇ ਰਾਹੀਂ ਭੇਜੇ ਹਨ, ਜੋ ਪਾਠਕਾਂ ਦੀ ਜਾਣਕਾਰੀ ਲਈ ਹਾਜਰ ਕੀਤੇ ਜਾ ਰਹੇ ਹਨ।
ਸਵਾਲ : ਸਰਦਾਰ ਗੁਰਬਖਸ਼ ਸਿੰਘ ਜੀ, ਸਭ ਤੋਂ ਪਹਿਲਾਂ ਆਪ ਜੀ ਆਪਣੇ ਬਾਰੇ ਜਾਣਕਾਰੀ ਦਿਉ।
ਜਵਾਬ : ਮੇਰਾ ਜਨਮ ਸੰਨ 1922 ਨੂੰ ਮੇਰੇ ਨਾਨਕੇ ਪਿੰਡ ਫਰੀਦਪੁਰ (ਜਿਲਾ ਗੁਰਦਾਸਪੁਰ) ਵਿਖੇ ਹੋਇਆ, ਜਿੱਥੇ ਅਸੀਂ ਕਰੀਬ
ਚਾਰ ਸਾਲ ਠਹਿਰਨ ਤੋਂ ਬਾਅਦ ਚੱਕ ਨੰਬਰ 39-14ਲ਼ ਜਿਲਾ ਮਿੰਟਗੁਮਰੀ ਵਿਖੇ ਚਲੇ ਗਏ। ਦਸਵੀਂ ਦੀ ਪ੍ਰੀਖਿਆ ਮੀਆਂ ਚੁਨੂੰ
ਹਾਈ ਸਕੂਲ ਮੁਲਤਾਨ ਤੋਂ ਕਰਨ ਉਪਰੰਤ ਸਰਕਾਰੀ ਕਾਲਜ ਮਿੰਟਗੁਮਰੀ ਤੋਂ ਗਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਦੇਸ਼ ਦੀ
ਅਜਾਦੀ ਮਗਰੋਂ ਸਾਡਾ ਪਰਿਵਾਰ ਗੁਰਦਾਸਪੁਰ ਜਿਲੇ ਵਿਚਲੇ ਪਿੰਡ ਕਾਲਾ ਅਫਗਾਨਾ ਵਿਖੇ ਆ ਕੇ ਵੱਸ ਗਿਆ।
ਸਵਾਲ : ਆਪਣੇ ਮਾਤਾ ਪਿਤਾ ਬਾਰੇ ਥੋੜੀ ਜਾਣਕਾਰੀ ਦੇ ਕੇ ਦੱਸੋ ਕਿ ਉਹਨਾਂ ਦਾ ਤੁਹਾਡੀ ਸਖਸ਼ੀਅਤ ਸੰਵਾਰਣ ਵਿੱਚ ਕੀ ਯੋਗਦਾਨ ਰਿਹਾ?
ਜਵਾਬ : ਮੇਰੇ ਪਿਤਾ ਜੀ ਬ੍ਰਿਟਿਸ਼ ਆਰਮੀ ਵਿੱਚ ਨੌਕਰੀ ਕਰਦੇ ਸਨ। ਪਹਿਲੇ ਵਿਸ਼ਵ ਯੁੱਧ ਵਿੱਚ ਉਹਨਾਂ ਨੂੰ ਫਰਾਂਸ ਵਿੱਚ ਜਰਮਨੀ ਵਿਰੁੱਧ ਲੜਾਈ ਦੌਰਾਨ ਦਿਖਾਈ ਬਹਾਦਰੀ ਕਰਕੇ ਮਿੰਟਗੁਮਰੀ ਵਿੱਚ ਜਗ੍ਹਾ ਅਲਾਟ ਕੀਤੀ ਗਈ ਸੀ। ਮੇਰੇ ਮਾਤਾ ਜੀ ਅਤੁੱਟ ਧਾਰਮਿਕ ਖਿਆਲਾਂ ਦੇ ਹੋਣ ਕਰਕੇ ਉਹਨਾਂ ਤੋਂ ਹੀ ਮੈਨੂੰ ਧਾਰਮਿਕ ਸੰਸਕਾਰ ਮਿਲੇ। ਉਹਨਾਂ ਦੀ ਪ੍ਰੇਰਣਾ ਸਦਕਾ 9-10 ਸਾਲ ਦੀ ਉਮਰ ਵਿੱਚ ਹੀ ਆਪਣੇ ਹਾਣੀਆਂ ਨਾਲ ਰੱਲ ਕੇ ਯਾਤਰੀਆਂ ਲਈ ਸੜਕ ਤੇ ਪਾਣੀ ਦੀ ਸੇਵਾ ਕਰਨੀ, ਜਿਸਦੀ ਕਿ ਮੁਲਤਾਨ ਵਰਗੇ ਗਰਮ ਇਲਾਕੇ ਵਿੱਚ ਉਸ ਵੇਲੇ ਮੁੱਖ ਲੋੜ ਸੀ। ਆਪਣੀ ਕਾਲਜ ਦੀ ਪੜ੍ਹਾਈ ਦੌਰਾਨ ਮੈਂ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਵੀ ਬਣਿਆ। ਇਸ ਸਭ ਨੇ ਭਵਿੱਖ ਵਿੱਚ ਮੇਰਾ ਵਧੀਆ ਧਾਰਮਿਕ ਮਾਰਗ ਦਰਸ਼ਨ ਕੀਤਾ।
ਸਵਾਲ : ਤੁਹਾਡੇ ਮਾਤਾ ਪਿਤਾ ਦਾ ਤੁਹਾਡੀ ਧਾਰਮਿਕ ਸ਼ਰਧਾ ਵਧਾਉਣ ਵਿੱਚ ਕਿਹੋ ਜਿਹਾ ਯੋਗਦਾਨ ਰਿਹਾ?
ਜਵਾਬ : ਮੇਰੀ ਪੁਲਿਸ ਦੀ ਨੌਕਰੀ ਦੌਰਾਨ ਮੇਰੇ ਮਾਤਾ ਜੀ ਸਾਡੇ ਪਰਿਵਾਰ ਦੇ ਨਾਲ ਹੀ ਰਹਿੰਦੇ ਸਨ। ਉਹਨਾਂ ਦਾ ਮੇਰੇ ਉਪਰ ਕਾਫੀ ਪ੍ਰਭਾਵ ਸੀ। ਉਹਨਾਂ ਤੋਂ ਮੈਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਅਤੇ ਸਚਾਈ ਤੇ ਪਹਿਰਾ ਦੇਣ ਦੀ ਪ੍ਰੇਰਣਾ ਮਿਲੀ। ਉਹਨਾਂ ਮੈਨੂੰ ਕਦੇ ਵੀ ਗੁੱਸਾ ਨਾ ਕਰਨ ਅਤੇ ਬੁਰਿਆਈ ਦਾ ਚੰਗਿਆਈ ਨਾਲ ਟਾਕਰਾ ਕਰਨ ਦੀ ਨਸੀਹਤ ਕੀਤੀ। ਜਿਸ ਸਦਕਾ ਮੈਂ ਆਪਣੀ ਸਰਵਿਸ ਦੌਰਾਨ ਕਈ ਵਾਰੀ ਪ੍ਰਸੰਸਾ ਪੱਤਰ ਵੀ ਪ੍ਰਾਪਤ ਕੀਤੇ।
ਸਵਾਲ : ਤੁਸੀਂ ਕਈ ਸਾਲ ਪੁਲਿਸ ਮਹਿਕਮੇ ਵਿੱਚ ਨੌਕਰੀ ਕੀਤੀ ਹੈ। ਇਸਨੇ ਤੁਹਾਡੀ ਸਖਸੀਅਤ ਨੂੰ ਕਿਥੋਂ ਤੱਕ ਪ੍ਰਭਾਵਤ ਕੀਤਾ?
ਜਵਾਬ : ਆਪਣੀ ਪੁਲਿਸ ਦੀ ਨੌਕਰੀ ਦੌਰਾਨ ਮੈਨੂੰ ਸਿੱਖੀ ਨਾਲ ਜੁੜੇ ਕਈ ਡੇਰਿਆਂ, ਬਾਬਿਆਂ, ਸੰਪਰਦਾਵਾਂ ਅਤੇ ਟਕਸਾਲਾਂ ਦੀਆਂ ਗਲਤ ਅਤੇ ਨਜਾਇਜ ਕਾਰਵਾਈਆਂ ਨੂੰ ਬੜੇ ਨੇੜਿਓਂ ਹੋ ਕੇ ਦੇਖਣ ਦਾ ਮੌਕਾ ਮਿਲਿਆ। ਸ਼੍ਰੋਮਣੀ ਕਮੇਟੀ ਦੀ ਸ਼ਹਿ ਹੋ ਰਹੀਆਂ ਪਾਵਨ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਗੁਰਮਤਿ ਵਿਰੋਧੀ ਕਾਰਵਾਈਆਂ ਅੱਖੀਂ ਦੇਖੀਆਂ। ਇਥੋਂ ਤੱਕ ਕਿ ਕੁਝ ਚੁਣੇ ਹੋਏ ਪ੍ਰਤੀਨਿਧ ਵੀ ਗਲਤ ਕਾਰਵਾਈਆਂ ਵਿੱਚ ਸ਼ਾਮਲ ਪਾਏ। ਇਸ ਦੌਰਾਨ ਮੈਨੂੰ ਭਿੰਡਰਾਂਵਾਲੀ ਟਕਸਾਲ ਵਲੋਂ ਪ੍ਰਕਾਸ਼ਤ ਸੰਤ ਗੁਰਬਚਨ ਸਿੰਘ ਖਾਲਸਾ ਦੀਆਂ ਲਿਖੀਆਂ ਪੁਸਤਕਾਂ ‘ਗੁਰਬਾਣੀ ਪਾਠ ਦਰਸ਼ਨ’ ਅਤੇ ‘ਗੁਰਮਤਿ ਰਹਿਤ ਮਰਯਾਦਾ’ ਪੜਣ ਦਾ ਮੌਕਾ ਮਿਲਿਆ। ਪਰ ਇਹ ਵੇਖ ਕੇ ਬੜਾ ਦੁੱਖ ਹੋਇਆ ਕਿ ਮਹਾਂਪੁਰਖਾਂ ਵਲੋਂ ਆਪਣੀ ਪੁਸਤਕ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਉਲਟ ਕਈ ਗਲਤ ਗੱਲਾਂ ਪ੍ਰਚਾਰੀਆਂ ਜਾ ਰਹੀਆਂ ਸਨ। ਮੈਂ ਇਹ ਮਹਿਸੂਸ ਕੀਤਾ ਕਿ ਭੋਲੀ ਭਾਲੀ ਸੰਗਤ ਦੀ ਸ਼ਰਧਾ ਨੂੰ ਇਹ ਸੰਤ ਬਾਬੇ ਅਤੇ ਧਾਰਮਿਕ ਲੀਡਰ ਗੁਮਰਾਹ ਕਰਕੇ ਆਪਣੀਆਂ ਝੋਲੀਆਂ ਭਰ ਰਹੇ ਸਨ।
ਸਵਾਲ : ਤੁਸੀਂ ਕੈਨੇਡਾ ਕਿਵੇਂ ਪਹੁੰਚੇ?
ਜਵਾਬ : ਮੇਰੀ ਵੱਡੀ ਬੇਟੀ ਦੀ ਸ਼ਾਦੀ ਕੈਨੇਡਾ ਵਿਖੇ ਹੋਈ ਸੀ। ਉਸ ਦੀ ਸਪਾਂਸਰਸ਼ਿਪ ਤੇ ਮੈਂ ਆਪਣੀ ਧਰਮਪਤਨੀ ਅਤੇ ਛੋਟੀ ਬੇਟੀ ਸਮੇਤ 2 ਜਨਵਰੀ, 1984 ਵਿੱਚ ਕੈਨੇਡਾ ਦੀ ਧਰਤੀ ਤੇ ਪੈਰ ਧਰਿਆ। ਸੰਨ 1987 ਵਿੱਚ ਸਾਨੂੰ ਉਥੋਂ ਦੀ ਨਾਗਰਿਕਤਾ ਮਿਲ ਗਈ।
ਸਵਾਲ : ਤੁਸੀਂ ਕਹਿੰਦੇ ਹੋ ਕਿ ਮੈਂ ਸਿੱਖ ਪੰਥ ਅੰਦਰ ਫੈਲੀਆਂ ਬ੍ਰਾਹਮਣੀ ਮਿੱਥਾਂ ਅਤੇ ਰੀਤੀ ਰਿਵਾਜਾਂ ਨੂੰ ਆਪਣੀਆਂ ਪੁਸਤਕਾਂ ਰਾਹੀਂ ਨਸ਼ਰ ਕੀਤਾ, ਜਿਹੜੀਆਂ ਕਿ ਕਾਫੀ ਸਮੇਂ ਤੋਂ ਸਿੱਖਾਂ ਵਿੱਚ ਪ੍ਰਚਲਤ ਹੋ ਗਈਆਂ ਸਨ। ਇਹ ਬਿਪਰਵਾਦੀ ਰੀਤਾਂ ਕਿਹੜੀਆਂ ਹਨ?
ਜਵਾਬ : ਸਿੱਖ ਇਤਿਹਾਸ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਮਗਰੋਂ ਸਿੱਖ ਜੰਗਲਾਂ ਵਿੱਚ ਖਿੰਡ ਪੁੰਡ ਗਏ ਅਤੇ ਉਹਨਾਂ ਨੇ ਹਕੂਮਤ ਖਿਲਾਫ ਗੁਰੀਲਾ ਯੁੱਧ ਦੀ ਨੀਤੀ ਅਪਣਾਈ। ਇਹੋ ਹੀ ਸਮਾਂ ਸੀ, ਜਦੋਂ ਸਾਡੇ ਧਰਮ ਅਸਥਾਨਾਂ ਉਪਰ ਬ੍ਰਾਹਮਣੀ ਸੋਚ ਵਾਲੇ ਉਦਾਸੀਆਂ ਅਤੇ ਨਿਰਮਲਿਆਂ ਦਾ ਕਬਜਾ ਹੋ ਗਿਆ। ਉਹਨਾਂ ਨੇ ਹੋਰਨਾਂ ਤੋਂ ਇਲਾਵਾ ਗੁਰਦੁਆਰਿਆਂ ਵਿੱਚ ਅਖੌਤੀ ਦਸਮ ਗ੍ਰੰਥ ਅਤੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਨੂੰ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਗੁਰਦੁਆਰਿਆਂ ਦੀ ਮਰਯਾਦਾ ਵਿੱਚ ਵੀ ਗੁਰ ਬਿਲਾਸ ਅਨੁਸਾਰ ਬਦਲਾਅ ਕੀਤਾ ਗਿਆ, ਜੋ ਕਿ ਹੁਣ ਤੱਕ ਜਾਰੀ ਹੈ। ਮੈਂ ਆਪਣੀ ਪੰਥਕ ਜਿੰਮੇਵਾਰੀ ਸਮਝਦਿਆਂ ਬ੍ਰਾਹਮਣੀ ਸੋਚ ਤੋਂ ਦੂਸ਼ਤ ਹੋ ਚੁੱਕੀਆਂ ਅਜਿਹੀਆਂ ਮਰਯਾਦਾਵਾਂ ਨੂੰ ਨਿਖੇੜਣ ਦੀ ਠਾਨ ਲਈ।

ਸਾਡੇ ਜਥੇਦਾਰਾਂ ਅਤੇ ਪ੍ਰਚਾਰਕਾਂ ਵਲੋਂ ਲਗਾਤਾਰ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਬਾਬਾ ਸ਼੍ਰੀ ਚੰਦ (ਜਿਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਦੇ ਆਯੋਗ ਜਾਣ ਕੇ ਭਾਈ ਲਹਿਣਾ ਜੀ ਨੂੰ ਹੀ ਇਹ ਦਾਤ ਬਖਸ਼ੀ ਸੀ) ਬਾਬਾ ਗੁਰਦਿੱਤਾ ਜੀ ਦੇ ਗੁਰੂ ਸਨ। ਜੋ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਅਤੇ ਅੱਠਵੀਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਜੀ ਸਨ। ਹੁਣ ਇਹ ਬੜੇ ਹੀ ਆਚੰਭੇ ਵਾਲੀ ਗੱਲ ਸੀ ਕਿ ਇੱਕ ਇਹੋ ਜਿਹੀ ਮਹਾਨ ਸ਼ਖਸੀਅਤ, ਜੋ ਕਿ ਇੱਕ ਗੁਰੂ ਸਾਹਿਬ ਦੇ ਸਪੁੱਤਰ ਅਤੇ ਇੱਕ ਗੁਰੂ ਸਾਹਿਬ ਦੇ ਪਿਤਾ ਸਨ, ਨੂੰ ਇੱਕ ਅਜਿਹੇ ਉਦਾਸੀ ਸਾਧ ਦਾ ਚੇਲਾ ਦਰਸਾਇਆ ਗਿਆ, ਜਿਸਨੂੰ ਉਸਦੇ ਪਿਤਾ ਗੁਰੂ ਨਾਨਕ ਦੇਵ ਜੀ ਨੇ ਹੀ ਰੱਦ ਕਰ ਦਿੱਤਾ ਸੀ ਅਤੇ ਉਹ ਆਪਣੇ ਪਿਤਾ ਦੁਆਰਾ ਪ੍ਰਚਾਰੇ ਸੰਦੇਸ਼ ਦੇ ਉਲਟ ਗ੍ਰਹਿਸਤੀ ਨਾ ਹੋ ਕੇ ਉਦਾਸੀ ਸਾਧ ਬਣ ਗਿਆ ਸੀ। ਇਸ ਸਾਖੀ ਨੂੰ ਪ੍ਰਚਾਰਦੇ ਹੋਏ ਸਾਡੇ ਕਈ ਨਾਮਵਰ ਵਿਦਵਾਨ ਵੀ ਟੱਪਲਾ ਖਾ ਗਏ ਹਨ। ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ ਹੈ ਕਿ ਬਾਬਾ ਗੁਰਦਿੱਤਾ ਜੀ ਨੇ 4 ਉਦਾਸੀ ਕੇਂਦਰ ਸਥਾਪਤ ਕੀਤੇ। ਪ੍ਰੋ. ਸਾਹਿਬ ਸਿੰਘ ਨੇ ਇਹ ਲਿਖ ਦਿੱਤਾ ਹੈ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਰਿਵਾਰ ਸਮੇਤ ਸ਼੍ਰੀ ਚੰਦ ਦੇ ਡੇਰੇ ਬਾਠ ਸਾਹਿਬ ਵਿਖੇ ਪਧਾਰੇ ਤਾਂ ਸ਼੍ਰੀ ਚੰਦ ਨੇ ਕਿਹਾ ਕਿ ਤੁਹਾਡਾ ਚਿਹਰਾ ਪਿਤਾ (ਗੁਰੂ ਨਾਨਕ ਸਾਹਿਬ) ਨਾਲ ਮੇਲ ਖਾਂਦਾ ਹੈ। ਭਾਈ ਵੀਰ ਸਿੰਘ ਲਿਖਦੇ ਹਨ ਕਿ ਸ਼੍ਰੀ ਚੰਦ ਨੇ ਸਿੱਖੀ ਵਿੱਚ ਵਾਪਸੀ ਲਈ ਇੱਛਾ ਪ੍ਰਗਟ ਕੀਤੀ ਸੀ। ਹੁਣ ਇਹ ਮੇਰਾ ਫਰਜ ਬਣਦਾ ਹੈ ਕਿ ਸੰਗਤ ਨੂੰ ਸਚਾਈ ਦੱਸੀ ਜਾਵੇ ਕਿ ਬਾਬਾ ਗੁਰਦਿੱਤਾ ਜੀ ਦਾ ਸ਼੍ਰੀ ਚੰਦ ਨਾਲ ਕਿਸੇ ਤਰ੍ਹਾਂ ਕੋਈ ਸੰਪਰਕ ਨਹੀਂ ਸੀ। ਕਿਉਂਕਿ ਬਾਬਾ ਗੁਰਦਿੱਤਾ ਜੀ ਸ਼੍ਰੀ ਚੰਦ ਦੀ ਮੌਤ ਤੋਂ 13 ਮਹੀਨੇ ਬਾਅਦ ਪੈਦਾ ਹੋਏ ਸਨ। ਬਾਬਾ ਗੁਰਦਿੱਤਾ ਜੀ ਕੱਤਕ ਸੁਦੀ 15, ਸੰਮਤ 1670 ਨੂੰ ਪੈਦਾ ਹੋਏ, ਜਦਕਿ ਸ਼੍ਰੀ ਚੰਦ ਦੀ ਮੌਤ ਅੱਸੂ ਮਹੀਨੇ ਸੰਮਤ 1669 ਨੂੰ ਹੀ ਹੋ ਗਈ ਸੀ। ਪੰਥ ਵਿੱਚ ਜਾਰੀ ਅਖੰਡ ਪਾਠ ਦੀ ਮਰਯਾਦਾ ਵੀ ਗੁਰਮਤਿ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀ। ਹੁਣ ਇਹ ਪਾਠ ਇੰਨੇ ਪ੍ਰਚਲਤ ਹੋ ਗਏ ਹਨ ਕਿ ਕੋਈ ਇਸਦੇ ਖਿਲਾਫ ਬੋਲਣ ਦੀ ਜੁਰੱਅਤ ਨਹੀਂ ਕਰ ਸਕਦਾ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰਬਾਣੀ ਕੋਈ ਮੰਤਰ ਨਹੀਂ ਹੈ। ਤੋਤਾ ਰੱਟਣ ਨਾਲ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਪਾਵਨ ਗੁਰਬਾਣੀ ਤਾਂ ਇਲਾਹੀ ਸੰਦੇਸ਼ ਹੈ, ਜਿਸਨੂੰ ਅਦਬ ਨਾਲ ਪੜ੍ਹ ਕੇ, ਵਿਚਾਰ ਕੇ, ਆਪਣੇ ਜੀਵਨ ਵਿੱਚ ਲਾਗੂ ਕਰਨ ਨਾਲ ਹੀ ਕੁਝ ਪ੍ਰਾਪਤੀ ਦੀ ਆਸ ਕੀਤੀ ਜਾ ਸਕਦੀ ਹੈ। ਅੱਜ ਦੇ ਸਾਧਾਂ, ਸੰਤਾਂ ਵਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਆਪਣੇ ਘਰ ਵਿੱਚ ਗੁਰੂ ਸਾਹਿਬ ਦਾ ਸਰੂਪ ਲਿਆਉਣ ਜਾਂ ਸਾਧਾਂ ਦੇ ਚਰਨ ਘਰ ਵਿੱਚ ਪਵਾਉਣ ਨਾਲ ਹੀ ਇਹ ਪਵਿੱਤਰ ਹੁੰਦਾ ਹੈ। ਜਦਕਿ ਗੁਰੂ ਸਾਹਿਬ ਦਾ ਸੰਦੇਸ਼ ਹੈ ਕਿ ਘਰ ਪਵਿੱਤਰ ਕੇਵਲ ਚੰਗੇ ਆਚਾਰ ਵਿਹਾਰ ਨਾਲ ਹੀ ਹੋ ਸਕਦਾ ਹੈ। ਚਿੱਟੇ ਲੰਮੇ ਚੋਲੇ ਪਾਉਣ ਨਾਲ ਕੋਈ ਸੰਤ ਨਹੀਂ ਬਣ ਸਕਦਾ, ਜਦ ਤੱਕ ਉਸਨੂੰ ਇਲਾਹੀ ਗਿਆਨ ਨਾ ਹੋਵੇ। ਗੁਰੂ ਸਾਹਿਬ ਨੇ ਧਰਮ ਦੇ ਨਾਮ ਉਪਰ ਹੋ ਰਹੇ ਪਾਖੰਡ ਨੂੰ ਨਿੰਦਿਆ ਹੈ।
ਸਵਾਲ : ਅਖੌਤੀ ਜਥੇਦਾਰਾਂ ਵਲੋਂ ਤੁਹਾਨੂੰ ਛੇਕਣ ਦੀ ਕਾਰਵਾਈ ਦਾ ਤੁਹਾਡੇ ਜੀਵਨ ਤੇ ਕੀ ਪ੍ਰਭਾਵ ਪਿਆ?
ਜਵਾਬ : ਇਸ ਬਾਬਤ ਮੈਨੂੰ ਸਿੱਖਾਂ ਵਲੋਂ ਕਾਫੀ ਸਹਿਯੋਗ ਮਿਲਿਆ ਹੈ। ਜਿਹਨਾਂ ਵਿੱਚ ਭਾਰਤ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਪ੍ਰਮੁੱਖ ਸਿੱਖ ਵਿਦਵਾਨ ਵੀ ਸ਼ਾਮਲ ਹਨ। ਭਾਰਤ ਵਿੱਚ ਗੁਰਪੁਰੀਵਾਸੀ ਰਿਟਾਇਰਡ ਜਨਰਲ ਨਰਿੰਦਰ ਸਿੰਘ ਅਤੇ ਗੁਰਤੇਜ ਸਿੰਘ ਸਮੇਤ ਕਰੀਬ 300 ਸਿੱਖਾਂ ਨੇ ਅਕਾਲ ਤਖਤ ਸਾਹਿਬ ਤੇ ਮੇਰੇ ਵਲੋਂ ਇੱਕ ਰਿੱਟ ਪਟੀਸ਼ਨ ਪਾਈ ਕਿ ਦਾਸ ਦੀ ਖਰਾਬ ਸਿਹਤ ਅਤੇ ਅਦਾਲਤੀ ਵਾਰੰਟਾਂ ਦੇ ਹੁੰਦਿਆਂ ਮੈਨੂੰ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਜਾਵੇ। ਇਸ ਮਦਦ ਨਾਲ ਮੈਨੂੰ ਕਾਫੀ ਹੌਂਸਲਾ ਮਿਲਿਆ। ਉਸ ਉਪਰੰਤ ਚੰਡੀਗੜ ਵਿਖੇ ਸਪੋਕਸਮੈਨ ਦੇ ਸੰਪਾਦਕ ਸ. ਜੋਗਿੰਦਰ ਸਿੰਘ ਦੀ ਅਗਵਾਈ ਵਿੱਚ ਆਯੋਜਤ ਹਜਾਰਾਂ ਸਿੱਖਾਂ ਦੇ ਇੱਕ ਵਿਸ਼ਾਲ ਇਕੱਠ ਨੇ ਮੈਨੂੰ ਛੇਕਣ ਦੀ ਕਾਰਵਾਈ ਦਾ ਵਿਰੋਧ ਕਰਕੇ ਜਥੇਦਾਰ ਜੋਗੰਦਰ ਸਿੰਘ ਵੇਦਾਂਤੀ ਕੋਲੋਂ ਉਸਦੀਆਂ ਆਪਹੁਦਰੀਆਂ ਕਾਰਵਾਈਆਂ ਕਰਕੇ ਅਸਤੀਫਾ ਦੇਣ ਮਤਾ ਪਾਸ ਕੀਤਾ। ਇਸ ਮਿਲੇ ਪਿਆਰ ਸਦਕਾ ਮੇਰਾ ਖੋਜ ਕਾਰਜ ਜਾਰੀ ਹੈ ਅਤੇ ਇਸ ਤੋਂ ਬਾਅਦ ਇੱਕ ਕਿਤਾਬ ਨਵੀਂ ਛਾਪੀ ਗਈ ਹੈ, ਜਦਕਿ ਤਿੰਨ ਹੋਰ ਵੀ ਤਿਆਰ ਹਨ। ਜਥੇਦਾਰ ਵੇਦਾਂਤੀ ਨੇ ਆਪਣੇ ਹੁਕਮਨਾਮੇ ਵਿੱਚ ਸਿੱਖਾਂ ਨੂੰ ਮੇਰੀਆਂ ਕਿਤਾਬਾਂ ਨਾ ਪੜਣ ਦਾ ਆਦੇਸ਼ ਦਿਤਾ। ਇਸਦੇ ਬਾਵਜੂਦ ਕਿਤਾਬਾਂ ਦੀ ਵਿਕਰੀ ਵਧੀ ਹੈ। ਬਹੁਤ ਸਾਰੀਆਂ ਸੰਗਤਾਂ ਇਹਨਾਂ ਕਿਤਾਬਾਂ ਨੂੰ ਮੇਰੀ ਵੈੱਬ ਸਾਈਟ www.kalaafgana.com ਤੇ ਵੀ ਪੜ ਚੁੱਕੇ ਹਨ। ਹਾਲ ਹੀ ਵਿੱਚ ਰਿਲੀਜ ਹੋਈਆਂ ਮੇਰੀਆਂ ਕਿਤਾਬਾਂ ਨੂੰ ਪ੍ਰਮੁੱਖ ਸਿੱਖ ਆਗੂਆਂ ਨੇ ਪ੍ਰੈੱਸ ਕਾਨਫਰੰਸਾਂ ਵਿੱਚ ਰਿਲੀਜ ਕੀਤਾ ਗਿਆ, ਜਿਸਨੂੰ ਪ੍ਰੈੱਸ ਵਿੱਚ ਕਾਫੀ ਪ੍ਰਮੁੱਖਤਾ ਦਿੱਤੀ ਗਈ।
ਸਵਾਲ : ਤੁਹਾਡੇ ਕਿੰਨੇ ਬੱਚੇ ਹਨ? ਉਹ ਕਿੱਥੇ ਰਹਿੰਦੇ ਹਨ? ਤੁਹਾਡੇ ਬਾਰੇ ਛੇਕਣ ਦੀ ਕਾਰਵਾਈ ਦਾ ਉਹਨਾਂ ਤੇ ਕੀ ਪ੍ਰਭਾਵ ਪਿਆ?
ਜਵਾਬ : ਸਾਡੇ ਪੰਜ ਬੱਚੇ ਹਨ, ਜੋ ਕਿ ਪੂਰੀ ਤਰ੍ਹਾਂ ਸੈੱਟ ਹਨ ਅਤੇ ਪੂਰੀ ਤਰ੍ਹਾਂ ਮੇਰੀ ਪਿੱਠ ਤੇ ਖੜੇ ਹਨ। ਮੇਰੇ ਤਿੰਨੋਂ ਜਵਾਈ ਵੀ ਪੂਰੀ ਤਰ੍ਹਾਂ ਸੈੱਟ ਹਨ। ਇਹਨਾਂ ਵਿਚੋਂ ਇੱਕ ਪੀ.ਐਚ.ਡੀ ਕਰਕੇ ਕਾਲਜ ਵਿੱਚ ਲੈਕਚਰਾਰ ਹੈ, ਜਦਕਿ ਬਾਕੀ ਦੋਵੇਂ ਮੈਡੀਕਲ ਡਾਕਟਰ ਹਨ। ਮੇਰੇ ਬੱਚੇ ਆਪਣੇ ਆਪ ਤੇ ਨਿਰਭਰ ਹਨ।
ਸਵਾਲ : ਅਖੌਤੀ ਜਥੇਦਾਰਾਂ ਵਲੋਂ ਛੇਕਣ ਦੀ ਕਾਰਵਾਈ ਤੋਂ ਪਹਿਲਾਂ ਤੁਸੀਂ ਗੁਰਦੁਆਰੇ ਜਾਂਦੇ ਸੀ? ਕੀ ਹੁਣ ਇਸ ਵਿੱਚ ਕੋਈ ਫਰਕ ਪਿਆ?
ਜਵਾਬ : ਜਿੱਥੇ ਗੁਰੂ ਦਾ ਵਾਸ ਹੈ, ਉਹੋ ਹੀ ਗੁਰਦੁਆਰਾ ਹੈ। ਮੇਰਾ ਗੁਰੂ, ਗੁਰੂ ਗ੍ਰੰਥ ਸਾਹਿਬ ਜੀ  ਹਨ, ਅਤੇ ਉਹ ਹਮੇਸ਼ਾਂ ਮੇਰੇ ਅੰਗ ਸੰਗ ਹਨ। ਸੋ ਮੈਨੂੰ ਕਦੇ ਵੀ ਆਪਣੇ ਗੁਰੂ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਮੈਂ ਇੱਥੇ ਇਹ ਵੀ ਦੱਸਣਾ ਚਾਹਾਂਗਾ ਕਿ ਮੈਂ ਤਿੰਨ ਵੱਖ ਵੱਖ ਗੁਰਦੁਅਰਿਆਂ ਵਿੱਚ ਗ੍ਰੰਥੀ ਵਜੋਂ ਵੀ ਸੇਵਾ ਕਰ ਚੁੱਕਾ ਹਾਂ। ਪਰ ਹੁਣ ਮੈਨੂੰ ਕੁਝ ਸੰਕੋਚ ਕਰਨਾ ਪੈ ਰਿਹਾ ਹੈ ਕਿਉਂਕਿ ਮੈਂ ਆਪਣੇ ਤੋਂ ਉਲਟ ਵਿਚਾਰਾਂ ਵਾਲੇ ਸੱਜਣਾਂ ਦੀ ਅਣਸੁਖਾਵੀਂ ਕਾਰਵਾਈ ਦੇ ਡਰੋਂ ਸੰਗਤਾਂ ਨੂੰ ਕਿਸੇ ਪ੍ਰੇਸ਼ਾਨੀ ਵਿੱਚ ਨਹੀਂ ਪਾਉਣਾ ਚਾਹੁੰਦਾ।
ਸਵਾਲ : ਕੁਝ ਸਿੱਖ ਤੁਹਾਡੇ ਨਾਲ ਨਰਾਜ ਕਿਉਂ ਹਨ?
ਜਵਾਬ : ਕੋਈ ਵੀ ਸੱਚਾ ਸਿੱਖ ਮੇਰੇ ਨਾਲ ਨਰਾਜ ਨਹੀਂ ਹੋ ਸਕਦਾ। ਹਾਂ ਕੁਝ ਡੇਰੇਦਾਰਾਂ ਦੇ ਚੇਲੇ, ਜਿਹਨਾਂ ਦੀਆਂ ਪੰਥ ਵਿਰੋਧੀ ਕਾਰਵਾਈਆਂ ਨੂੰ ਮੈਂ ਆਪਣੀਆਂ ਪੁਸਤਕਾਂ ਵਿੱਚ ਉਜਾਗਰ ਕੀਤਾ ਹੈ, ਉਹ ਜਰੂਰ ਮੇਰੇ ਨਾਲ ਕੁਝ ਨਰਾਜ ਹਨ ਅਤੇ ਮੇਰੇ ਖੂਨ ਦੇ ਵੀ ਪਿਆਸੇ ਹਨ।
ਸਵਾਲ : ਕੀ ਤੁਸੀਂ ਮਿਲੀਆਂ ਕੁਝ ਧਮਕੀਆਂ ਬਾਰੇ ਕੁਝ ਦੱਸਣਾ ਚਾਹੋਗੇ?
ਜਵਾਬ : ਮੈਨੂੰ ਖਤਮ ਕਰਨ ਦੀਆਂ ਧਮਕੀਆਂ ਕਈ ਵਾਰ ਮਿਲੀਆਂ ਹਨ। ਆਪਣੀ ਪਿਛਲੀ ਭਾਰਤ ਫੇਰੀ ਦੌਰਾਨ ਜਦੋਂ ਮੈਂ ਅਕਾਲ ਤਖਤ ਸਾਹਿਬ ਤੇ ਹਾਜਰ ਹੋਣ ਬਾਰੇ ਵਿਚਾਰ ਕਰਨ ਲਈ ਗਿਆ ਸੀ ਤਾਂ ਅਪਰੈਲ 2003 ਵਿੱਚ ਲੁਧਿਆਣੇ ਵਿਖੇ ਅਕਾਲੀਆਂ ਦੇ ਇੱਕ ਗੁੱਟ ਨੇ ਮੇਰੇ ਤੇ ਜਾਨਲੇਵਾ ਹਮਲਾ ਕੀਤਾ। ਉਹ ਮੇਰੀ ਬੋਟੀ ਬੋਟੀ ਕਰਨਾ ਚਾਹੁੰਦੇ ਸਨ। ਉਸ ਤੋਂ ਬਾਅਦ ਮੈਨੂੰ ਪੁਲਿਸ ਵਿਭਾਗ ਵਲੋਂ ਸੁਰੱਖਿਆ ਛੱਤਰੀ ਪ੍ਰਦਾਨ ਕੀਤੀ ਗਈ।
ਸਵਾਲ : ਸਿੱਖ ਧਰਮ ਦੇ ਪ੍ਰਚਾਰ ਬਾਰੇ ਤੁਹਾਨੂੰ ਕੀ ਆਸਾਂ ਹਨ?
ਜਵਾਬ : ਮੈਂ ਮਹਿਸੂਸ ਕੀਤਾ ਹੈ ਕਿ ਜੇਕਰ ਸਾਡੀ ਕੌਮ ਵਰਤਮਾਨ ਵਾਂਗ ਹੀ ਚੱਲਦੀ ਰਹੀ, ਤਾਂ ਇਹ ਇਤਿਹਾਸ ਦਾ ਇੱਕ ਹਿੱਸਾ ਬਣ ਕੇ ਰਹਿ ਜਾਵੇਗੀ। ਇਸਦਾ ਕਾਰਣ ਹੈ ਕਿ ਸਾਡੀ ਫਿਲਾਸਫੀ, ਵਿਚਾਰਧਾਰਾ ਨੂੰ ਦੂਸ਼ਤ ਕਰ ਦਿੱਤਾ ਗਿਆ ਹੈ। ਸਿੱਖੀ ਤਾਂ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ ਤੇ ਚੱਲਣ ਦਾ ਹੀ ਨਾਮ ਹੈ। ਜੇ ਇਸ ਤਰ੍ਹਾਂ ਨਹੀਂ ਹੈ ਤਾਂ ਸਿੱਖੀ ਕਿਥੋਂ ਬਚੇਗੀ? ਅਖੌਤੀ ਜਥੇਦਾਰ ਅਤੇ ਡੇਰੇਦਾਰ ਮਹੰਤਾਂ ਸੰਤਾਂ ਦਾ ਟੋਲਾ ਹੀ ਇਸ ਵੇਲੇ ਗੁਰੂ ਨਾਨਕ ਦੀ ਸਿੱਖੀ ਦਾ ਦੁਸ਼ਮਣ ਬਣਿਆ ਹੋਇਆ ਹੈ।
ਸਵਾਲ : ਤੁਹਾਡੇ ਹਿਸਾਬ ਨਾਲ ਸਿੱਖੀ ਲਈ ਇਸ ਵੇਲੇ ਸਭ ਤੋਂ ਵੱਡਾ ਚੈਲੈਂਜ ਕੀ ਹੈ?
ਜਵਾਬ : ਸਿੱਖ ਵਿਚਾਰਧਾਰਾ ਨੂੰ ਇਸ ਵੇਲੇ ਮੁੱਖ ਖਤਰਾ ਅਖੌਤੀ ਪੁਜਾਰੀ ਸ਼੍ਰੇਣੀ ਤੋਂ ਹੀ ਹੈ, ਜਿਹਨਾਂ ਵਿੱਚ ਪਾਖੰਡੀ ਡੇਰੇਦਾਰ, ਸੰਤ ਮਹੰਤ ਵੀ ਸ਼ਾਮਲ ਹਨ। ਇਹ ਸਿੱਖੀ ਸਿਧਾਂਤਾਂ ਨੂੰ ਆਪਣੀ ਮਨਮਰਜੀ ਨਾਲ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ। ਇਹ ਲੋਕ ਅਜੇ ਵੀ ਗੁਰਬਿਲਾਸ ਪਾਤਸ਼ਾਹੀ ਦੀ ਕਥਾ ਗੁਰਦੁਆਰਿਆਂ ਵਿੱਚ ਕਰਾਉਣ ਲਈ ਬਜਿੱਦ ਹਨ। ਹੁਣ ਤਾਂ ਇਹਨਾਂ ਨੇ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਹਿੱਤ ਅਖੌਤੀ ਬਚਿੱਤਰ ਨਾਟਕ (ਦਸਮ ਗ੍ਰੰਥ) ਦਾ ਵੀ ਬਰਾਬਰੀ ਤੇ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਪਾਂ ਤੋਂ ਮੁਕਤ ਹੋਣ ਲਈ ਸਰੋਵਰਾਂ ਦਾ ਇਸ਼ਨਾਨ ਪ੍ਰਚਾਰਿਆ ਜਾ ਰਿਹਾ ਹੈ। ਸ਼ਸਤਰਾਂ ਦੀ ਪੂਜਾ ਕੀਤੀ ਜਾ ਰਹੀ ਹੈ। ਇਹਨਾਂ ਨੇ ਗੁਰੂ ਨੂੰ ਆਪਣੀ ਆਮਦਨ ਦਾ ਸਾਧਨ ਬਣਾ ਲਿਆ ਹੈ। ਸਿੱਖ ਧਰਮ ਤਾਂ ਉੱਚੀ ਸੁੱਚੀ ਜੀਵਨ ਜਾਚ ਸਿਖਾਉਂਦਾ ਹੈ, ਪਰ ਇਹਨਾਂ ਨੇ ਤਾਂ ਬੱਸ ਪੂਜਾ ਤੱਕ ਹੀ ਸੀਮਤ ਕਰ ਦਿੱਤਾ ਹੈ। ਭਾਈਚਾਰੇ ਦਾ ਸੰਦੇਸ਼ ਦੇਣ ਦੀ ਬਜਾਏ ਇਹ ਆਪਣੇ ਹੀ ਗੁਰ ਭਾਈਆਂ ਦੇ ਦੁਸ਼ਮਣ ਬਣੇ ਬੈਠੇ ਹਨ।
ਸਵਾਲ : ਤੁਹਾਡੇ ਸਭ ਤੋਂ ਵੱਡੇ ਮਦਦਗਾਰ ਕੌਣ ਹਨ?
ਜਵਾਬ : ਸਾਰੇ ਹੀ ਲੋਕ, ਜਿਹਨਾਂ ਦੀ ਗੁਰੂ ਗ੍ਰੰਥ ਜੀ ਉਪਰ ਪੂਰੀ ਆਸਥਾ ਹੈ, ਮੇਰੇ ਮਦਦਗਾਰ ਹਨ। ਜਿਹਨਾਂ ਨੇ ਸਿੱਖੀ ਨੂੰ ਸਮਝਿਆ ਹੈ ਅਤੇ ਜਿਹਨਾਂ ਨੂੰ ਪੁਜਾਰੀਆਂ ਦੀਆਂ ਗਲਤ ਕਾਰਵਾਈਆਂ ਕਰਕੇ ਦੁੱਖ ਮਹਿਸੂਸ ਹੁੰਦਾ ਹੈ, ਉਹ ਮੇਰਾ ਹਮਦਰਦ ਹੈ।
ਸਵਾਲ : ਤੁਸੀਂ ਇਹ ਕਿਤਾਬਾਂ ਕਿਉਂ ਲਿਖਦੇ ਹੋ?
ਜਵਾਬ : ਮੈਨੂੰ ਗੁਰੂ ਨਾਨਕ ਦੀ ਸਿੱਖੀ ਨਾਲ ਡਾਢਾ ਪਿਆਰ ਹੈ। ਇਹੋ ਪਿਆਰ ਹੀ ਮੈਨੂੰ ਮਜਬੂਰ ਕਰਦਾ ਹੈ ਕਿ ਮੈਂ ਸਿੱਖੀ ਦੀ ਵਿਚਾਰਧਾਰਾ ਨੂੰ ਸਹੀ ਰੂਪ ਵਿੱਚ ਪ੍ਰਚਾਰਨ ਵਿੱਚ ਆਪਣਾ ਯੋਗਦਾਨ ਪਾਵਾਂ।
ਸਵਾਲ : ਹੁਣ ਜਦੋਂ ਕਿ ਤੁਹਾਡੇ ਬੋਲਣ ਅਤੇ ਲਿਖਣ ਤੇ ਪਾਬੰਦੀ ਲਗਾਈ ਗਈ ਹੈ, ਤੁਸੀਂ ਫਿਰ ਵੀ ਕਿਉਂ ਲਿਖ ਰਹੇ ਹੋ?
ਜਵਾਬ : ਇਸ ਕਾਰਜ ਨੂੰ ਮੈਂ ਆਪਣਾ ਪੰਥਕ ਫਰਜ ਸਮਝ ਕੇ ਦਿਲੀ ਸ਼ਾਂਤੀ ਮਹਿਸੂਸ ਕਰਦੇ ਹੋਏ ਕਰਦਾ ਹਾਂ ਤਾਂ ਕਿ ਗੁਰੂ ਨਾਨਕ ਦੇ ਸਿੱਖਾਂ ਦੇ ਮਨਾਂ ਵਿੱਚ ਗੁਰਬਾਣੀ ਦੀ ਸੋਝੀ ਰਾਹੀਂ ਗਿਆਨ ਦਾ ਪ੍ਰਕਾਸ਼ ਹੋ ਜਾਵੇ।
ਸਵਾਲ : ਕੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਪਛਤਾਵਾ ਹੈ?
ਜਵਾਬ : ਮੈਨੂੰ ਕਈ ਤਰ੍ਹਾਂ ਦੇ ਕੌੜੇ ਅਤੇ ਮਿੱਠੇ ਤਜਰਬੇ ਹੋਏ ਹਨ। ਜਦੋਂ ਮੈਂ ਸਿੱਖਾਂ ਦੇ ਮਨਾਂ ਵਿੱਚ ਆਪਣੀਆਂ ਪੁਸਤਕਾਂ ਵਿਚਲੀ ਖੋਜ ਸਦਕਾ ਇੱਕ ਬਦਲਾਅ ਦੇਖਦਾ ਹਾਂ ਤਾਂ ਮੈਨੂੰ ਅਥਾਹ ਖੁਸ਼ੀ ਹੁੰਦੀ ਹੈ। ਪਰ ਦੂਜੇ ਪਾਸੇ ਕੁਝ ਗੁਰਸਿੱਖ ਸੱਜਣਾਂ ਵਲੋਂ ਹੀ ਅਣਜਾਣੇ ਵਿੱਚ ਹੀ ਵਿਰੋਧ ਕਰਨਾ, ਦੁੱਖੀ ਕਰਦਾ ਹੈ। ਫਿਰ ਵੀ ਮੈਂ ਇਹ ਕਹਿਣਾ ਚਾਹਾਂਗਾ ਕਿ ਮੈਨੂੰ ਆਪਣੇ ਕੰਮ ਤੋਂ ਪੂਰੀ ਸੰਤੁਸ਼ਟੀ ਹੈ। ਮੇਰਾ ਇਹ ਖੋਜ਼ ਦਾ ਕੰਮ ਅੱਜ ਵੀ ਜਾਰੀ ਹੈ।

(ਪੇਸ਼ਕਸ਼ - ਗੁਰਮੀਤ ਸਿੰਘ ਕਾਦੀਆਨੀ)